ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ {ਪੁਨਰ ਸੁਰਜੀਤ} ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਦੇ ਦੋ ਅਹਿਮ ਆਗੂਆਂ ਮਨਪ੍ਰੀਤ ਸਿੰਘ ਇਯਾਲੀ ਤੇ ਸੁਰਜੀਤ ਸਿੰਘ ਰੱਖੜਾ ਦੇ ਪਾਰਟੀ ਤੋਂ ਲਾਂਭੇ ਹੋਣ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ। ਢੀਂਡਸਾ ਅੱਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਹਾਜੀ ਮੁਹੰੰਮਦ ਤੁਫੈਲ ਮਲਿਕ ਦੀ ਸਿਹਤ ਦਾ ਹਾਲ ਜਾਨਣ ਲਈ ਉਨ੍ਹਾਂ ਦੀ ਸ਼ੀਸ਼ ਮਹਿਲ ਸਥਿਤ ਰਿਹਾਇਸ ਮਲਿਕ ਹਾਊਸ ਪਹੁੰਚੇ ਸਨ।ਢੀਂਡਸਾ ਨੇ ਕਿਹਾ ਕਿ ਮਨਪਰੀਤ ਸਿੰਘ ਇਯਾਲੀ ਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥਕ ਏਕਤਾ ਲਈ ਗਠਿਤ ਕਮੇਟੀ ਵਿਚ ਸ਼ਾਮਲ ਕਰਕੇ ਸਾਰੀਆਂ ਪੰਥ ਤੇ ਪੰਜਾਬ ਦਰਦੀ ਧਿਰਾਂ ਨੂੰ ਇੱਕ ਮੰਚ ਉਪਰ ਇਕੱਠੀਆਂ ਕਰਨ ਦੀ ਅਹਿਮ ਜਿੰਮੇਵਾਰੀ ਸੌਂਪੀ ਗਈ ਸੀ।ਢੀਂਡਸਾ ਮੁਤਾਬਿਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਕਰਨ ਤੋਂ ਪਹਿਲਾਂ ਸੁਰਜੀਤ ਸਿੰਘ ਰੱਖੜਾ ਜ਼ਿਲ੍ਹਾ ਪਟਿਆਲਾ ਦੀਆਂ ਵਿਧਾਨ ਸਭਾ ਸੀਟਾਂ ਬਾਰੇ ਕਿਸੇ ਸਰਵੇ ਦੀ ਗੱਲ ਕਰ ਰਹੇ ਸਨ ਜਿਸ ਸਰਵੇ ਵਿਚ 2027 ਦੀ ਵਿਧਾਨ ਸਭਾ ਚੋਣ ’ਚ ਆਮ ਆਦਮੀ ਪਾਰਟੀ ਦਾ ਹੱਥ ਉਪਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਢੀਂਡਸਾ ਨੇ ਕਿਹਾ ਕਿ ਸਿਆਸਤ ਵਿੱਚ ਮਤਭੇਦ ਹੋਣਾ ਸੁਭਾਵਿਕ ਹੈ ਪਰੰਤੂ ਇਨ੍ਹਾਂ ਮੱਤਭੇਦਾਂ ਸਬੰਧੀ ਚਰਚਾ ਜਨਤਕ ਮੰਚਾਂ ਦੀ ਬਜਾਏ ਪਾਰਟੀ ਪਲੇਟਫਾਰਮ ਉਪਰ ਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪੰਥ ਨੂੰ ਇਸ ਸਮੇਂ ਏਕੇ ਦੀ ਲੋੜ ਹੈ, ਟੁੱਟ-ਭੱਜ ਦੀ ਨਹੀਂ।ਵਾਰਿਸ ਪੰਜਾਬ ਅਕਾਲੀ ਦਲ ਨਾਲ ਚੱਲ ਰਹੀ ਗੱਠਜੋੜ ਵਾਰਤਾ ਦੇ ਟੁੱਟਣ ਨੂੰ ਬੇਹੱਦ ਮੰਦਭਾਗਾ ਦਸਦਿਆਂ ਢੀਂਡਸਾ ਨੇ ਕਿਹਾ ਕਿ ਪੰਥ, ਪੰਜਾਬ ਅਤੇ ਕਿਸਾਨੀ ਹਿੱਤਾਂ ਦੀ ਰਾਖੀ ਲਈ ਵਾਰਿਸ ਪੰਜਾਬ ਅਕਾਲੀ ਦਲ ਨਾਲ ਇੱਕ ਸਾਂਝੇ ਮੰਚ 'ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਬਦਕਿਸਮਤੀ ਨਾਲ ਕੁਝ ਮੁੱਦਿਆਂ 'ਤੇ ਸਹਿਮਤੀ ਨਾ ਬਣਨ ਕਾਰਨ ਗੱਲਬਾਤ ਟੁੱਟ ਗਈ ਹੈ। ਇਹ ਪੰਜਾਬ ਦੇ ਸਿਆਸੀ ਹਾਲਾਤ ਲਈ ਚੰਗਾ ਸੰਕੇਤ ਨਹੀਂ।ਉਨ੍ਹਾਂ ਕਿਹਾ ਕਿ ਪੰਥਕ ਸਿਧਾਂਤਾਂ ਦੀ ਬਹਾਲੀ ਤੇ ਪੰਜਾਬ ਦੇ ਭਲੇ ਲਈ ਖਿੰਡੇ ਹੋਏ ਪੰਥਕ ਧੜਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਪ੍ਰੰਤੂ ਗੱਠਜੋੜ ਬਰਾਬਰੀ, ਆਪਸੀ ਸਤਿਕਾਰ ਤੇ ਸਾਂਝੇ ਘੱਟੋ-ਘੱਟ ਪ੍ਰੋਗਰਾਮ ਦੇ ਅਧਾਰ 'ਤੇ ਹੀ ਸੰਭਵ ਹੈ। ਕਿਸੇ ਇੱਕ ਧਿਰ ਦੀਆਂ ਸ਼ਰਤਾਂ 'ਤੇ ਏਕਾ ਸੰਭਵ ਨਹੀਂ ਹੁੰਦਾ।ਸ. ਢੀਂਡਸਾ ਨੇ ਸਪੱਸ਼ਟ ਕੀਤਾ ਕਿ ਪੁਨਰ ਸੁਰਜੀਤ ਅਕਾਲੀ ਦਲ ਆਪਣੇ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਅਤੇ ਬਾਦਲ ਦਲ ਦੀਆਂ ਪੰਥ ਵਿਰੋਧੀ ਨੀਤੀਆਂ ਖਿਲਾਫ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਗੱਲਬਾਤ ਦੇ ਦਰਵਾਜ਼ੇ ਭਵਿੱਖ ਲਈ ਬੰਦ ਨਹੀਂ ਕੀਤੇ ਪਰੰਤੂ ਫਿਲਹਾਲ ਅਸੀਂ ਆਪਣੀ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ 'ਤੇ ਧਿਆਨ ਦੇਵਾਂਗੇ।ਆਪਣੇ ਅਮਰੀਕਾ ਤੇ ਕੈਨੇਡਾ ਦੌਰੇ ਨੂੰ ਪੂਰੀ ਤਰ੍ਹਾਂ ਸਫਲ ਦਸਦਿਆਂ ਢੀਂਡਸਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਮਨਾਂ ਵਿੱਚ ਪੰਥਕ ਏਕਤਾ ਦੀ ਤਾਂਘ ਬਹੁਤ ਡੂੰਘੀ ਹੈ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਤੋਂ ਬੇਹੱਦ ਚਿੰਤਤ ਪ੍ਰਵਾਸੀ ਪੰਜਾਬੀ ਖਾਸ ਕਰਕੇ ਸਿੱਖ ਚਹੁੰਦੇ ਹਨ ਕਿ ਪੰਥਕ ਧੜੇ ਆਪਸੀ ਮਤਭੇਦ ਭੁਲਾ ਕੇ ਇਕੱਠੇ ਹੋਣ।ਢੀਂਡਸਾ ਨੇ ਦੱਸਿਆ ਕਿ ਕੈਨੇਡਾ ਅਤੇ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਮੰਨਦੀਆਂ ਹਨ ਕਿ ਬਾਦਲ ਦਲ ਦੀਆਂ ਪੰਥ ਵਿਰੋਧੀ ਨੀਤੀਆਂ ਕਾਰਨ ਸਿੱਖ ਸੰਸਥਾਵਾਂ ਨੂੰ ਜੋ ਨੁਕਸਾਨ ਪਹੁੰਚਿਆ ਹੈ, ਉਸ ਦੀ ਭਰਪਾਈ ਸਿਰਫ ਸਾਰੀਆਂ ਪੰਥਕ ਸ਼ਕਤੀਆਂ ਦੇ ਇੱਕਜੁੱਟ ਹੋਣ ਨਾਲ ਹੀ ਹੋ ਸਕਦੀ ਹੈ।ਸੰਗਤ ਦੀ ਇੱਛਾ ਮੁਤਾਬਿਕ ਪੰਥ ਦੇ ਵੱਡੇ ਹਿੱਤਾਂ ਲਈ ਪੁਨਰ ਸੁਰਜੀਤ ਅਕਾਲੀ ਦਲ ਪੰਥਕ ਏਕਤਾ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ, ਪਰ ਇਹ ਏਕਾ ਸਿਧਾਂਤਾਂ ਦੇ ਅਧਾਰ 'ਤੇ ਹੋਣਾ ਚਾਹੀਦਾ ਹੈ ਨਾ ਕਿ ਸਤ੍ਹਾ ਖਾਤਰ।ਇਸ ਮੌਕੇ ਢੀਂਡਸਾ ਦੇ ਨਾਲ ਕਾਕਾ ਅਮਰਿੰਦਰ ਸਿੰਘ ਮੰਡੀਆਂ, ਸਾਬਕਾ ਚੇਅਰਮੈਨ ਹਰਦੀਪ ਸਿੰਘ ਖਟੜਾ, ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨਜ, ਸਾਬਕਾ ਚੇਅਰਮੈਨ ਸਾਬਰ ਅਲੀ ਢਿੱਲੋਂ, ਜੁਲਫਕਾਰ ਅਲੀ ਅਤੇ ਯੂਥ ਅਕਾਲੀ ਆਗੂ ਮੁਹੰਦ ਯੂਨਸ ਮਲਿਕ ਬੱਬੂ ਵੀ ਮੌਜੂਦ ਸਨ।